Page 849

ਬਿਲਾਵਲ ਕੀ ਵਾਰ ਮਹਲਾ ੪
ਬਿਲਾਵਲ ਦੀ ਵਾਰ ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਲੋਕ ਮਃ ੪ ॥
ਸਲੋਕ ਚੌਥੀ ਪਾਤਿਸ਼ਾਹੀ।

ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥
ਬਿਲਾਵਲ ਰਾਗੁ ਅੰਦਰ ਗਾਇਨ ਕਰ ਕੇ ਮੈਂ ਸਰੇਸ਼ਟ ਵਾਹਿਗੁਰੂ, ਆਪਣੇ ਸੁਆਮੀ ਮਾਲਕ, ਦਾ ਜੱਸ ਅਲਾਪਦਾ ਹਾਂ।

ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥
ਗੁਰਾਂ ਦੀ ਸਿਖ-ਮਤ ਸ੍ਰਵਣ ਕਰ ਕੇ, ਮੈਂ ਉਸ ਉਤੇ ਅਮਲ ਕੀਤਾ ਹੈ। ਇਹੋ ਜਿਹੀ ਪੂਰਨ ਪ੍ਰਾਲਭਧ, ਆਦਿ ਪ੍ਰਭੂ ਨੇ ਮੇਰੇ ਹੱਥ ਉਤੇ ਲਿਖੀ ਹੋਈ ਹੈ।

ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥
ਸਮੂਹ ਦਿਨ ਤੇ ਰਾਤ ਮੈਂ ਪ੍ਰਭੂ ਦਾ ਜੱਸ ਉਚਾਰਨ ਕਰਦਾ ਹਾਂ ਅਤੇ ਆਪਣੇ ਮਨ ਅੰਦਰ ਵਾਹਿਗੁਰੂ ਸੁਆਮੀ ਮਾਲਕ ਨਾਲ ਮੈਂ ਪਿਰਹੜੀ ਪਾਉਂਦਾ ਹੈ।

ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥
ਮੇਰੀ ਦੇਹ ਤੇ ਆਤਮਾ ਸਮੂਹ ਸਰਸਬਜ ਹੋ ਗਏ ਹਨ ਅਤੇ ਮੇਰੇ ਦਿਲ ਦਾ ਹਰਾ ਭਰਾ ਬਗੀਚਾ ਪ੍ਰਫੁਲਤ ਹੋ ਗਿਆ ਹੈ।

ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥
ਗੁਰਾਂ ਦੇ ਬ੍ਰਹਿਮ ਵੀਚਾਰ ਦੇ ਦੀਵੇ ਦੇ ਪ੍ਰਕਾਸ਼ ਨਾਲ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।

ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥
ਹੇ ਹਰੀ! ਗੋਲਾ ਨਾਨਕ ਤੈਨੂੰ ਵੇਖ ਕੇ ਜੀਉਂਦਾ ਹੈ। ਇਕ ਮੁਹਤ ਤੇ ਛਿਨ ਭਰ ਲਈ ਹੀ ਤੂੰ ਮੈਨੂੰ ਆਪਣਾ ਮੁਖੜਾ ਵਿਖਾਲ।

ਮਃ ੩ ॥
ਤੀਜੀ ਪਾਤਿਸ਼ਾਹੀ।

ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥
ਕੇਵਲ ਤਦ ਹੀ ਤੂੰ ਖੁਸ਼ੀ ਮਨਾ, ਜਦ ਤੇਰੇ ਮੂੰਹ ਵਿੱਚ ਪ੍ਰਭੂ ਦਾ ਨਾਮ ਹੈ।

ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥
ਸੁੰਦਰ ਹਨ ਤਰਾਨੇ ਅਤੇ ਲੈ, ਜੇਕਰ ਗੁਰਾਂ ਦੀ ਬਾਣੀ ਰਾਹੀਂ ਬੰਦਾ ਸਾਹਿਬ ਅੰਦਰ ਆਪਣੀ ਬਿਰਤੀ ਜੋੜ ਲਵੇ।

ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥
ਤਰਾਨੇ ਤੇ ਸੁਰਤਾਲ ਦੇ ਬਿਨਾਂ ਭੀ ਜੇਕਰ ਇਨਸਾਨ ਆਪਣੇ ਵਾਹਿਗੁਰੂ ਦੀ ਘਾਲ ਕਮਾਉਂਦਾ ਹੈ, ਤਦ ਉਹ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ।

ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥
ਨਾਨਕ ਗੁਰਾਂ ਦੀ ਮਿਹਰ ਦੁਆਰਾ ਸੁਆਮੀ ਦੀ ਸੋਚ ਵੀਚਾਰ ਕਰਨ ਦੁਆਰਾ, ਬੰਦੇ ਦੇ ਚਿੱਤ ਦਾ ਹੰਕਾਰ ਦੂਰ ਹੋ ਜਾਂਦਾ ਹੈ।

ਪਉੜੀ ॥
ਪਉੜੀ।

ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥
ਹੇ ਸੁਆਮੀ ਵਾਹਿਗੁਰੂ! ਤੂੰ ਖੁਦ ਪਹੁੰਚ ਤੋਂ ਪਰੇ ਹੈ ਅਤੇ ਤੂੰ ਹੀ ਸਾਰਿਆਂ ਨੂੰ ਸਿਰਜਿਆ ਹੈ।

ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥
ਤੂੰ ਖੁਦ ਹੀ ਸਾਰੇ ਆਲਮ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ।

ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥
ਤੂੰ ਆਪ ਹੀ ਧਿਆਨ ਅਵਸਥਾ ਧਾਰਨ ਕਰਦਾ ਹੈ ਅਤੇ ਆਪ ਹੀ ਆਪਣੀ ਕੀਰਤੀ ਗਾਇਨ ਕਰਦਾ ਹੈ।

ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥
ਆਪਣੇ ਵਾਹਿਗੁਰੂ ਦਾ ਦਿਨ ਰਾਤ ਸਿਮਰਨ ਕਰੋ, ਹੇ ਸਾਧੂਓ! ਅਖੀਰ ਨੂੰ ਉਹ ਤੁਹਾਨੂੰ ਬੰਦ-ਖਲਾਸ ਕਰਾ ਦੇਵੇਗਾ।

ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥
ਜੋ ਪ੍ਰਭੂ ਦੀ ਚਾਕਰੀ ਵਜਾਉਂਦਾ ਹੈ, ਉਹ ਆਰਾਮ ਪਾਉਂਦਾ ਹੈ ਅਤੇ ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥
ਹੋਰਸ ਦੀ ਪ੍ਰੀਤ ਰਾਹੀਂ ਖੁਸ਼ੀ ਪਰਾਪਤ ਨਹੀਂ ਹੁੰਦੀ ਅਤੇ ਅਧਰਮੀ ਨੂੰ ਕੋਈ ਥਾਂ ਨਹੀਂ ਮਿਲਦੀ।

ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ ॥
ਦੰਭ ਦੇ ਰਾਹੀਂ ਸਾਈਂ ਦੀ ਪ੍ਰੇਮਾ-ਭਗਤੀ ਨਹੀਂ ਹੁੰਦੀ ਅਤੇ ਨਾਂ ਹੀ ਸ਼੍ਰੋਮਣੀ ਸਾਹਿਬ ਪਰਾਪਤ ਹੁੰਦਾ ਹੈ।

ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ ॥
ਜੇਕਰ ਬੰਦਾ ਚਿੱਤ ਦੀ ਜਿੱਦ ਰਾਹੀਂ ਧਾਰਮਕ ਕੰਮ ਕਰੇ, ਉਨ੍ਹਾਂ ਨੂੰ ਪ੍ਰਭੂ ਪਰਵਾਨ ਨਹੀਂ ਕਰਦਾ।

ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ ॥
ਨਾਨਕ, ਗੁਰਾਂ ਦੀ ਦਇਆ ਰਾਹੀਂ ਆਪਣੇ ਆਪ ਨੂੰ ਸਮਝਣ ਦੁਆਰਾ, ਬੰਦੇ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ।

ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ ॥
ਉਹ ਖੁਦ ਸ਼ਰੋਮਣੀ ਸਾਹਿਬ ਹੈ ਅਤੇ ਸ਼ਰੋਮਣੀ ਸਾਹਿਬ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।

ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ ॥੧॥
ਉਸ ਦਾ ਜੰਮਣਾ ਤੇ ਮਰਨਾ ਮੁੱਕ ਜਾਂਦੇ ਹਨ ਅਤੇ ਉਸ ਦਾ ਪਰਮ ਪ੍ਰਕਾਸ਼ ਨਾਲ ਅਭੇਦ ਹੋ ਜਾਂਦਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਬਿਲਾਵਲੁ ਕਰਿਹੁ ਤੁਮ੍ਹ੍ਹ ਪਿਆਰਿਹੋ ਏਕਸੁ ਸਿਉ ਲਿਵ ਲਾਇ ॥
ਇਕ ਸੁਆਮੀ ਨਾਲ ਪ੍ਰੇਮ ਪਾ ਕੇ, ਤੁਸੀਂ ਅਨੰਦ ਮਾਣੋ, ਹੇ ਮੇਰੇ ਪਿਆਰਿਓ!

ਜਨਮ ਮਰਣ ਦੁਖੁ ਕਟੀਐ ਸਚੇ ਰਹੈ ਸਮਾਇ ॥
ਤੁਹਾਡੀ ਜੰਮਣ ਤੇ ਮਰਨ ਦੀ ਦੀ ਪੀੜ ਨਵਿਰਤ ਹੋ ਜਾਏਗੀ ਅਤੇ ਤੁਸੀਂ ਸੱਚੇ ਸੁਆਮੀ ਅੰਦਰ ਲੀਨ ਰਹੋਗੇ।

ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ ॥
ਜੇਕਰ ਤੁਸੀਂ ਸੱਚੇ ਗੁਰਾਂ ਦੀ ਰਜ਼ਾ ਅੰਦਰ ਤੁਰੋਗੇ ਤਾਂ ਤੁਸੀਂ ਹਮੇਸ਼ਾਂ ਖੁਸ਼ੀ ਤੇ ਪਰਸੰਨਤਾ ਅੰਦਰ ਵਿਚਰੋਗੇ।

ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ ॥
ਸਾਧ ਸੰਗਤ ਅੰਦਰ ਬੈਠ ਕੇ, ਹੇ ਬੰਦੇ! ਤੂੰ ਸਦੀਵ ਦੀ ਵਾਹਿਗੁਰੂ ਦੀਆਂ ਸਿਫਤਾਂ ਪਿਆਰ ਨਾਲ ਗਾਇਨ ਕਰ।

ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ ॥੨॥
ਨਾਨਕ, ਸੁੰਦਰ ਹਨ ਉਹ ਪੁਰਸ਼, ਜੋ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ।

ਪਉੜੀ ॥
ਪਉੜੀ।

ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ ॥
ਸੁਆਮੀ ਵਾਹਿਗੁਰੂ, ਜੋ ਖੁਦ ਸਾਰਿਆਂ ਜੀਵਾਂ ਦੇ ਅੰਦਰ ਹੈ; ਉਹ ਆਪਣੇ ਸ਼ਰਧਾਲੂ ਪ੍ਰੇਮੀਆਂ ਦਾ ਮਿੱਤਰ ਹੈ।

ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ ॥
ਹਰ ਕੋਈ ਪ੍ਰਭੂ ਦੇ ਇਖਤਿਹਾਰ ਵਿੱਚ ਹੈ। ਸੰਤਾਂ ਦੇ ਘਰ ਅੰਦਰ ਖੁਸ਼ੀ ਵਰਤਦੀ ਹੈ।

ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥
ਵਾਹਿਗੁਰੂ ਆਪਣੇ ਸੰਤਾਂ ਦਾ ਹਮਜੋਲੀ ਹੈ, ਇਸ ਲਈ ਉਸ ਦੇ ਸਾਰੇ ਗੋਲੇ ਲੱਤ ਤੇ ਲੱਤ ਰੱਖ ਕੇ ਸਿੱਧੇ ਸੌਂਦੇ ਹਨ।

ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ ॥
ਵਾਹਿੁਗੁਰੂ ਸਾਰਿਆਂ ਦਾ ਮਾਲਕ ਹੈ। ਹੇ ਨੇਕ ਪੁਰਸ਼! ਤੂੰ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾ।

ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ ॥੨॥
ਕੋਈ ਭੀ ਤੇਰੀ ਬਰਾਬਰੀ ਨਹੀਂ ਕਰ ਸਕਦਾ, ਹੇ ਸੁਆਮੀ! ਬੇਫਾਇਦਾ ਖਪ ਕੇ ਹਰ ਕੋਈ ਅਖੀਰ ਨੂੰ ਨਾਸ ਹੋ ਜਾਂਦਾ ਹੈ।

copyright GurbaniShare.com all right reserved. Email