ਮਨਮੁਖ ਅਗਿਆਨੀ ਅੰਧੁਲੇ ਜਨਮਿ ਮਰਹਿ ਫਿਰਿ ਆਵੈ ਜਾਏ ॥ ਬੇਸਮਝ ਪ੍ਰਤੀਕੂਲ ਪੁਰਸ਼ ਅੰਨ੍ਹੇ ਹਨ। ਉਹ ਜੰਮਦੇ ਮਰਦੇ ਅਤੇ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਕਾਰਜ ਸਿਧਿ ਨ ਹੋਵਨੀ ਅੰਤਿ ਗਇਆ ਪਛੁਤਾਏ ॥ ਉਨ੍ਹਾਂ ਦਾ ਕੰਮ ਸੌਰਦਾ ਨਹੀਂ ਅਤੇ ਅਖੀਰ ਨੂੰ ਅਫਸੋਸ ਕਰ ਕੇ ਟੁਰ ਜਾਂਦੇ ਹਨ। ਜਿਸੁ ਕਰਮੁ ਹੋਵੈ ਤਿਸੁ ਸਤਿਗੁਰੁ ਮਿਲੈ ਸੋ ਹਰਿ ਹਰਿ ਨਾਮੁ ਧਿਆਏ ॥ ਜਿਸ ਉਤੇ ਵਾਹਿਗੁਰੂ ਦੀ ਮਿਹਰ ਹੈ, ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ। ਕੇਵਲ ਉਹ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ। ਨਾਮਿ ਰਤੇ ਜਨ ਸਦਾ ਸੁਖੁ ਪਾਇਨ੍ਹ੍ਹਿ ਜਨ ਨਾਨਕ ਤਿਨ ਬਲਿ ਜਾਏ ॥੧॥ ਜਿਹੜੇ ਬੰਦੇ ਨਾਮ ਨਾਲ ਰੰਗੀਜੇ ਹਨ; ਉਹ ਹਮੇਸ਼ਾਂ ਆਰਾਮ ਪਾਉਂਦੇ ਹਨ। ਗੋਲਾ ਨਾਨਕ ਉਨ੍ਹਾਂ ਤੋਂ ਘੋਲੀ ਜਾਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥ ਉਮੀਦ ਅਤੇ ਖਾਹਿਸ਼ ਪ੍ਰਾਣੀਆਂ ਨੂੰ ਮੋਹਿਤ ਕਰ ਲੈਣ ਵਾਲੀਆਂ ਹਨ, ਜਿਨ੍ਹਾਂ ਨੇ ਸਾਰੇ ਜਹਾਨ ਨੂੰ ਫਰੇਫਤਾ ਕਰ ਲਿਆ ਹੈ। ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥ ਹਰ ਕੋਈ ਅਤੇ ਸਮੂਹੀ ਜੋ ਸਰੂਪ ਵਿੱਚ ਹੈ, ਮੌਤ ਦੀ ਲਪੇਟ ਅੰਦਰ ਹੈ। ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰੁ ॥ ਸਾਈਂ ਦੇ ਹੁਕਮ ਦੁਆਰਾ ਮੌਤ ਪ੍ਰਾਣੀ ਨੂੰ ਪਕੜਦੀ ਹੈ। ਕੇਵਲ ਉਹ ਹੀ ਬਚਦਾ ਹੈ, ਜਿਸ ਨੂੰ ਕਰਤਾ ਮਾਫ ਕਰ ਦਿੰਦਾ ਹੈ। ਨਾਨਕ ਗੁਰ ਪਰਸਾਦੀ ਏਹੁ ਮਨੁ ਤਾਂ ਤਰੈ ਜਾ ਛੋਡੈ ਅਹੰਕਾਰੁ ॥ ਨਾਨਕ, ਕੇਵਲ ਤਦ ਹੀ, ਇਹ ਬੰਦਾ ਗੁਰਾਂ ਦੀ ਦਇਆ ਦੁਆਰਾ ਪਾਰ ਉਤਰਦਾ ਹੈ, ਜੇਕਰ ਉਹ ਆਪਣੀ ਹੰਗਤਾ ਤਿਆਗ ਦੇਵੇ। ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰੁ ॥੨॥ ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ, ਤੂੰ ਆਪਣੀ ਉਮੀਦ ਅਤੇ ਖਾਹਿਸ਼ਾਂ ਨੂੰ ਨਾਸ ਕਰਦੀ ਹੈ ਨਿਰਲੇਪ ਹੋ ਕੇ ਵਿਚਰ। ਪਉੜੀ ॥ ਪਉੜੀ। ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥ ਜਿਥੇ ਕਿਤੇ ਇਸ ਸੰਸਾਰ ਅੰਦਰ ਮੈਂ ਜਾਂਦਾ ਹਾਂ, ਉਥੇ ਹੀ ਸੁਆਮੀ ਵਾਹਿਗੁਰੂ ਹੈ। ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ ॥ ਪ੍ਰਲੋਕ ਵਿੱਚ ਭੀ ਸੱਚਾ ਨਿਆਇਕਾਰੀ ਵਾਹਿਗੁਰੂ ਖੁਦ ਹੀ ਸਾਰੇ ਵਿਆਪਕ ਹੋ ਰਿਹਾ ਹੈ। ਕੂੜਿਆਰਾ ਕੇ ਮੁਹ ਫਿਟਕੀਅਹਿ ਸਚੁ ਭਗਤਿ ਵਡਿਆਈ ॥ ਭ੍ਰਿਸ਼ਟੇ ਹੋਏ ਹਨ ਚਿਹਰੇ ਝੂਠਿਆਂ ਦੇ ਅਤੇ ਸ਼ਰਧਾ-ਪ੍ਰੇਮ ਵਾਲਿਆਂ ਨੂੰ ਸੱਚੀ ਪ੍ਰਭਤਾ ਦੀ ਦਾਤ ਮਿਲਦੀ ਹੈ। ਸਚੁ ਸਾਹਿਬੁ ਸਚਾ ਨਿਆਉ ਹੈ ਸਿਰਿ ਨਿੰਦਕ ਛਾਈ ॥ ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਇਨਸਾਫ। ਬਦਖੋਈ ਕਰਨ ਵਾਲੇ ਦੇ ਸਿਰ ਤੇ ਸੁਆਹ ਪੈਂਦੀ ਹੈ। ਜਨ ਨਾਨਕ ਸਚੁ ਅਰਾਧਿਆ ਗੁਰਮੁਖਿ ਸੁਖੁ ਪਾਈ ॥੫॥ ਗੁਰਾਂ ਦੇ ਰਾਹੀਂ ਸੱਚੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਨਫਰ ਨਾਨਕ ਨੇ ਆਰਾਮ ਪ੍ਰਾਪਤ ਕਰ ਲਿਆ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥ ਜੇਕਰ ਵਾਹਿਗੁਰੂ ਸੁਆਮੀ ਆਪਣੀ ਮਿਹਰ ਧਾਰੇ, ਤਾਂ ਪੂਰਨ ਚੰਗੀ ਕਿਸਮਤ ਦੁਆਰਾ ਸੱਚੇ ਗੁਰੂ ਜੀ ਮਿਲਦੇ ਹਨ। ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥ ਸਾਰਿਆਂ ਉਪਰਾਲਿਆਂ ਦਾ ਸ਼ਰੋਮਣੀ ਉਪਰਾਲਾ ਸੁਆਮੀ ਦੇ ਨਾਮ ਦੀ ਪਰਾਪਤੀ ਹੈ। ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥ ਤਦ ਪ੍ਰਾਣੀ ਦੇ ਅੰਦਰ ਠੰਢ-ਚੈਨ ਹੁੰਦੀ ਹੈ ਅਤੇ ਉਸ ਦਾ ਮਨ ਹਮੇਸ਼ਾਂ ਸੁਖੀ ਹੁੰਦਾ ਹੈ। ਅੰਮ੍ਰਿਤੁ ਖਾਣਾ ਪੈਨ੍ਹ੍ਹਣਾ ਨਾਨਕ ਨਾਇ ਵਡਿਆਈ ਹੋਇ ॥੧॥ ਤਾਂ ਉਹ ਆਬਿ-ਹਿਯਾਤ ਨੂੰ ਭੁੰਚਦਾ ਅਤੇ ਪਹਿਰਦਾ ਹੈ। ਨਾਨਕ ਨਾਮ ਦੇ ਰਾਹੀਂ ਹੀ ਉਸ ਦੀ ਮਾਨ-ਮਹੱਤਤਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਏ ਮਨ ਗੁਰ ਕੀ ਸਿਖ ਸੁਣਿ ਪਾਇਹਿ ਗੁਣੀ ਨਿਧਾਨੁ ॥ ਹੇ ਬੰਦੇ! ਗੁਰਾਂ ਦਾ ਉਪਦੇਸ਼ ਸ੍ਰਵਣ ਕਰਨ ਦੁਆਰਾ, ਤੂੰ ਨੇਕੀਆਂ ਦੇ ਖਜਾਨੇ ਨੂੰ ਪਾ ਲਵੇਂਗਾ। ਸੁਖਦਾਤਾ ਤੇਰੈ ਮਨਿ ਵਸੈ ਹਉਮੈ ਜਾਇ ਅਭਿਮਾਨੁ ॥ ਆਰਾਮ ਦੇਣਹਾਰ ਤੇਰੇ ਚਿੱਤ ਅੰਦਰ ਟਿਕ ਜਾਵੇਗਾ ਅਤੇ ਤੇਰਾ ਹੰਕਾਰ ਤੇ ਗਰੂਰ ਦੂਰ ਹੋ ਜਾਵੇਗਾ। ਨਾਨਕ ਨਦਰੀ ਪਾਈਐ ਅੰਮ੍ਰਿਤੁ ਗੁਣੀ ਨਿਧਾਨੁ ॥੨॥ ਨਾਨਕ ਨੇਕੀਆਂ ਦੇ ਖਜਾਨੇ ਦੀ ਰਹਿਮਤ ਦੁਆਰਾ ਨਾਮ ਸੁਧਾ-ਰਸ ਦੀ ਦਾਤ ਪਰਾਪਤ ਹੁੰਦੀ ਹੈ। ਪਉੜੀ ॥ ਪਉੜੀ। ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ ॥ ਸਾਰੇ ਮਾਹਰਾਜੇ, ਸ਼ਾਹੂਕਾਰ, ਬਾਦਸ਼ਾਹ, ਸਰਦਾਰ, ਨਵਾਬ ਅਤੇ ਚੌਧਰੀ ਜਿਹੜੇ ਭੀ ਹਨ, ਉਹ ਸਾਰੇ ਸੁਆਮੀ ਦੀ ਰਚਨਾ ਹਨ। ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ ॥ ਜਿਹੜਾ ਕੁਝ ਹਰੀ ਉਨ੍ਹਾਂ ਪਾਸੋਂ ਕਰਵਾਉਂਦਾ ਹੈ, ਕੇਵਲ ਉਹ ਹੀ ਕਰਦੇ ਹਨ। ਉਹ ਸਾਰੇ ਸੁਆਮੀ ਦੇ ਮੰਗਦੇ ਹਨ। ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰ ਕੈ ਵਲਿ ਹੈ ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ ॥ ਉਹ ਇਹੋ ਜਿਹਾ ਵਾਹਿਗੁਰੂ, ਸਾਰਿਆਂ ਦਾ ਸੁਆਮੀ, ਸੱਚੇ ਗੁਰਾਂ ਦੇ ਪੱਖ ਤੇ ਹੈ। ਸਮੂਹ ਜਾਤਾਂ, ਚਾਰੇ ਉਤਪਤੀ ਦੇ ਸੋਮੇ ਅਤੇ ਸਾਰਾ ਸੰਸਾਰ, ਉਸ ਨੇ ਸੱਚੇ ਗੁਰਾਂ ਦੇ ਮੂਹਰੇ ਟਹਿਲ ਕਰਨ ਲਈ ਗੁਲਾਮ ਬਣਾ ਛੱਡੇ ਹਨ। ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ ॥ ਹੇ ਰੱਬ ਦੇ ਸਾਧੂਓ! ਵਾਹਿਗੁਰੂ ਦੀ ਟਹਿਲ ਸੇਵਾ ਕਰਨ ਦਾ ਇਹੋ ਜਿਹਾ ਪਰਤਾਪ ਵੇਖੋ, ਜਿਸ ਨੇ ਸਰੀਰ ਦੇ ਪਿੰਡ ਵਿਚੋਂ ਸਮੂਹ ਵੈਰੀ ਅਤੇ ਕੁਕਰਮੀ ਮਾਰ ਕੇ ਬਾਹਰ ਕੱਢ ਛੱਡੇ ਹਨ। ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ ਹਰਿ ਆਪਣੀ ਕਿਰਪਾ ਕਰਿ ਹਰਿ ਆਪਿ ਰਖਿ ਲੀਏ ॥੬॥ ਪ੍ਰਭੂ ਪਰਮੇਸ਼ਰ ਸੰਤ-ਸਰੂਪ ਪੁਰਸ਼ਾ ਉਤੇ ਮਿਹਰਬਾਨ ਹੋ ਗਿਆ ਹੈ। ਆਪਣੀ ਰਹਿਮਤ ਧਾਰ ਕੇ ਸੁਆਮੀ ਵਾਹਿਗੁਰੂ ਨੇ ਖੁਦ ਉਨ੍ਹਾਂ ਦੀ ਰੱਖਿਆ ਕੀਤੀ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥ ਆਪ-ਹੁਦਰੇ ਦੇ ਹਿਰਦੇ ਅੰਦਰ ਵਲ ਛਲ ਦੀ ਹਮੇਸ਼ਾਂ ਰਹਿਣ ਵਾਲੀ ਪੀੜ ਹੈ, ਇਸ ਲਈ ਉਹ ਸੁਆਮੀ ਦਾ ਸਿਮਰਨ ਧਾਰਨ ਨਹੀਂ ਕਰਦਾ। ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੈ ਦੁਖੁ ਆਗੈ ॥ ਪੀੜ ਅੰਦਰ ਉਹ ਕੰਮ ਕਰਦਾ ਹੈ, ਪੀੜ ਅੰਦਰ ਉਹ ਵਸਦਾ ਹੈ, ਅਤੇ ਪੀੜ ਹੀ ਉਹ ਅੱਗੇ ਨੂੰ ਸਹਾਰੇਗਾ। ਕਰਮੀ ਸਤਿਗੁਰੁ ਭੇਟੀਐ ਤਾ ਸਚਿ ਨਾਮਿ ਲਿਵ ਲਾਗੈ ॥ ਹਰੀ ਦੀ ਦਇਆ ਦੁਆਰਾ ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਸ ਦਾ ਸਤਿਨਾਮ ਨਾਲ ਪਿਆਰ ਪੈ ਜਾਂਦਾ ਹੈ। ਨਾਨਕ ਸਹਜੇ ਸੁਖੁ ਹੋਇ ਅੰਦਰਹੁ ਭ੍ਰਮੁ ਭਉ ਭਾਗੈ ॥੧॥ ਨਾਨਕ ਤਦ ਉਹ ਸੁਖ਼ੈਨ ਹੀ ਆਰਾਮ ਪਾ ਲੈਂਦਾ ਹੈ ਅਤੇ ਉਸ ਦੇ ਅੰਦਰ ਸੰਦੇਹ ਅਤੇ ਡਰ ਦੌੜ ਜਾਂਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਗੁਰਮੁਖਿ ਸਦਾ ਹਰਿ ਰੰਗੁ ਹੈ ਹਰਿ ਕਾ ਨਾਉ ਮਨਿ ਭਾਇਆ ॥ ਪਵਿੱਤਰ ਪੁਰਸ਼ ਸਦੀਵ ਹੀ ਵਾਹਿਗੁਰੂ ਦੇ ਪ੍ਰੇਮ ਵਿੱਚ ਵਿਚਰਦਾ ਹੈ। ਸਾਹਿਬ ਦਾ ਨਾਮ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ। copyright GurbaniShare.com all right reserved. Email |